ਸਥਾਨਕ ਵਰਤੋਂਕਾਰ (ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ)

Written by: Magnon Sancus Punjabi Team

ਜਦੋਂ ਅਸੀਂ ਕਿਸੇ ਖਿੱਤੇ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਸ ਖਿੱਤੇ ਦੇ ਵਾਤਾਵਰਨ ਬਾਰੇ, ਉੱਥੋਂ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ਬਾਰੇ ਅਕਸਰ ਚਰਚਾ ਕਰਦੇ ਹਾਂ। ਇਸਦੇ ਨਾਲ ਹੀ ਉਸ ਖਿੱਤੇ ਨਾਲ ਸੰਬੰਧਿਤ ਲੋਕਾਂ ਦੇ ਰਹਿਣ ਸਹਿਣ ਦੀ ਗੱਲ ਕਰਨੀ ਵੀ ਲਾਜ਼ਮੀ ਹੁੰਦੀ ਹੈ, ਕਿਉਂਕਿ ਉੱਥੋਂ ਦੇ ਬਾਸ਼ਿੰਦੇ ਹੀ ਉਸ ਦੇ ਅਸਲ ਨੁਮਾਇੰਦੇ ਹੁੰਦੇ ਹਨ। ਉਹਨਾਂ ਦਾ ਖਾਣ ਪੀਣ, ਤਿਉਹਾਰ, ਮੰਨੋਰੰਜਕ ਸਾਧਨਾਂ ਬਾਰੇ ਸਮਝ ਕੇ ਹੀ ਉਹਨਾਂ ਬਾਰੇ ਅਤੇ ਉਸ ਖਿੱਤੇ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਉਪਰੋਕਤ ਤੱਤਾਂ ਦੀ ਮੂਲ ਤੰਦ ਉਸ ਖਿੱਤੇ ਦੀ ਭਾਸ਼ਾ ਹੁੰਦੀ ਹੈ ਜਿਸ ਵਿੱਚ ਪੀੜ੍ਹੀਆਂ ਦਾ ਇਤਿਹਾਸ ਅਤੇ ਰਹਿਣ ਸਹਿਣ ਦੀ ਪੱਧਤੀ ਪ੍ਰਣਾਲੀ ਸੰਜੋਈ ਹੁੰਦੀ ਹੈ। ਅੱਜ ਵੱਖ-ਵੱਖ ਵਰਤੋਂ ਵਾਲੇ ਉਤਪਾਦਾਂ ਦਾ ਸਥਾਨਕ ਭਾਸ਼ਾ ਵਿੱਚ ‘ਸਥਾਨੀਕਰਨ’ ਕਰਨਾ ਸਮੇਂ ਦੀ ਮੰਗ ਅਤੇ ਜ਼ਰੂਰਤ ਦੋਨੋਂ ਹੀ ਹੈ। ਪਰ ਭਾਸ਼ਾ ਦਾ ਸਫਲ ‘ਸਥਾਨੀਕਰਨ’ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਭਾਸ਼ਾ ਦੇ ਬਾਸ਼ਿੰਦਿਆਂ ਦੇ ਸਮਾਜਿਕ ਅਤੇ ਸੱਭਿਆਚਾਰਕ ਪੱਖ ਨੂੰ ਚੰਗੀ ਤਰ੍ਹਾਂ ਜਾਣ ਲਿਆ ਜਾਵੇ। ਤਦ ਹੀ ਉਸ ਭਾਸ਼ਾ ਦੇ ਬਾਸ਼ਿੰਦਿਆਂ ਦੇ ਅਨੁਕੂਲ ‘ਸਥਾਨੀਕਰਨ’ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜਾਬੀ ਭਾਸ਼ਾ ਵੀ ਇੱਕ ਸਥਾਨਕ ਭਾਸ਼ਾ ਹੈ ਜਿਸ ਵਿੱਚ ਬਹੁਤ ਸਾਰਾ ‘ਸਥਾਨੀਕਰਨ’ ਦਾ ਕੰਮ ਹੋ ਰਿਹਾ ਹੈ। ਅੱਜ ਅਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਪੰਜਾਬੀ ਭਾਸ਼ਾਈ ਲੋਕਾਂ ਦੇ ਰਹਿਣ ਸਹਿਣ, ਸੱਭਿਆਚਾਰਕ ਅਤੇ ਸਮਾਜਿਕ ਪੱਖ ‘ਤੇ ਇੱਕ ਨਜ਼ਰ ਮਾਰਾਂਗੇ, ਤਾਂ ਜੋ ਭਾਸ਼ਾ ਦਾ ਇੱਕ ਸਫਲ ‘ਸਥਾਨੀਕਰਨ’ ਕੀਤਾ ਜਾ ਸਕੇ। ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਹੈ, ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ।

ਪੰਜਾਬ ਦੇ ਪ੍ਰਮੁੱਖ ਤਿਉਹਾਰ:- 

  1. ਅਵਤਾਰਾਂ ਨਾਲ ਸੰਬੰਧੀ ਦਿਹਾੜੇ: ਰਾਮ ਨੌਮੀ, ਕ੍ਰਿਸ਼ਨ ਜਨਮ ਅਸ਼ਟਮੀ, ਦੁਸਹਿਰਾ, ਦੀਵਾਲੀ, ਸ਼ਿਵਰਾਤਰੀ, ਸਿੱਖ ਗੁਰੂ ਸਹਿਬਾਨ ਦੇ ਪ੍ਰਕਾਸ਼ ਉਤਸ਼ਵ ਤੇ ਸ਼ਹੀਦੀ ਦਿਹਾੜੇ ਆਦਿ।
  2. ਪੰਜਾਬ ਦੇ ਘਰੇਲੂ ਤਿਉਹਾਰ: ਰੱਖੜੀਆਂ, ਤੀਜ, ਸ਼ਰਾਧਾਂ ਦੀ ਅੱਠੇ ਦਾ ਲੱਛਮੀ ਪੂਜਨ, ਇਕਾਦਸ਼ੀ। 
  3. ਸਥਾਨਕ ਪੰਜਾਬੀ ਮੇਲੇ:  ਗੁੱਗਾ ਨੌਮੀ, ਸ਼ੀਤਲਾ ਮਾਤਾ ਦੇ ਮੇਲੇ, ਛਪਾਰ ਦਾ ਮੇਲਾ, ਜੋੜ ਮੇਲਾ ਫਤਹਿਗੜ ਸਾਹਿਬ ਆਦਿ।
  4. ਮੌਸਮ ਨਾਲ ਸੰਬੰਧਿਤ ਤਿਉਹਾਰ: ਇਹ ਦੋ ਪ੍ਰਕਾਰ ਦੇ ਹਨ:-
  • ਚੰਨ ਵਰ੍ਹੇ ਨਾਲ ਸੰਬੰਧਿਤ: ਤੀਆਂ, ਬਸੰਤ ਪੰਚਮੀ ਅਤੇ ਹੋਲੀ।  
  • ਸੂਰਜ ਵਰ੍ਹੇ ਨਾਲ ਸੰਬੰਧਿਤ: ਵਿਸਾਖੀ, ਲੋਹੜੀ ਤੇ ਮਾਘੀ ਆਦਿ।

ਪੰਜਾਬ ਲੋਕਾਂ ਦਾ ਖਾਣ-ਪੀਣ

ਪੰਜਾਬੀ ਸਭਿਆਚਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਸਦੇ ਭੋਜਨ ਨੂੰ ਅਹਿਮ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬੀ ਖਾਣੇ ਦਾ ਇੱਕ ਵਿਲੱਖਣ ਸਰੂਪ ਹੈ। ਪੰਜਾਬੀ ਖਾਣ ਪੀਣ ਦੇ ਬਹੁਤ ਸ਼ੌਕੀਨ ਮੰਨੇ ਜਾਂਦੇ ਹਨ। ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਵਾਂਗੂੰ ਇਹਨਾਂ ਦੀ ਖੁਰਾਕ ਵੀ ਖੁੱਲ੍ਹੀ ਡੁੱਲ੍ਹੀ ਹੈ, ਜਿਵੇਂ ਕਿ ਕਿਹਾ ਜਾਂਦਾ ਹੈ:

‘ਦੱਬਕੇ ਵਾਹ ਤੇ ਰੱਜ ਕੇ ਖਾਹ”

ਪੰਜਾਬੀ ਲੋਕ ਮੁੱਖ ਰੂਪ ਵਿੱਚ ਚਾਰ ਵੇਲੇ ਖਾਣਾ ਖਾਂਦੇ ਹਨ, ਅਤੇ ਇਹ ਰੁੱਤਾਂ ਅਨੁਸਾਰ ਬਦਲਦਾ ਵੀ ਰਹਿੰਦਾ ਹੈ ਜਿਵੇਂ

1 ਛਾਹ ਵੇਲਾ,

2 ਦੁਪਹਿਰ ਵੇਲਾ,

3 ਲੌਢਾ ਵੇਲਾ

4 ਤਕਾਲਾਂ ਵੇਲਾ

ਛਾਹ ਵੇਲਾ:-

ਇਹ ਸਵੇਰ ਦਾ ਨਾਸ਼ਤਾ ਹੁੰਦਾ ਹੈ, ਜੋ ਕਿ ਬਹੁਤਾ ਸਵੇਰ ਸਵਖਤੇ  ਨਹੀਂ ਕੀਤਾ ਜਾਂਦਾ। ਪੰਜਾਬ ਦੇ ਹਰ ਵਰਗ ਦੇ ਲੋਕ ਕੇਵਲ ਛਾਹ ਵੇਲੇ ਨਾਲ ਹੀ ਆਪਣਾ ਭੋਜਨ ਆਰੰਭ ਕਰਦੇ ਹਨ। ਛਾਹ ਵੇਲੇ ਵਿੱਚ ਪਰੌਂਠੇ, ਫੁਲਕੇ, ਛੋਲਿਆਂ ਜਾਂ ਮੱਕੀ ਦੀਆਂ ਰੋਟੀਆਂ ਹੁੰਦੀਆਂ ਹਨ ਅਤੇ ਨਾਲ ਦਹੀਂ, ਮੱਖਣ ਤੇ ਰੱਜਵੀਂ ਲੱਸੀ ਹੁੰਦੀ ਹੈ। 

ਦੁਪਿਹਰ ਦਾ ਖਾਣਾ:-

ਪਿੰਡ ਵਿੱਚ ਦੁਪਹਿਰ ਦੀ ਰੋਟੀ ਬਾਰਾਂ ਵਜੇ ਤੋਂ ਦੋ ਵਜੇ ਤੱਕ ਕਦੇ ਵੀ ਖਾਧੀ ਜਾਂਦੀ ਹੈ। ਇਸ ਸਮੇਂ ਦੀ ਰੋਟੀ ਸਾਦੀ ਦਾਲ ਨਾਲ ਹੀ ਹੁੰਦੀ ਹੈ। ਰੋਟੀ ਅਤੇ ਦਾਲ, ਦੇਸੀ ਘਿਓ ਨਾਲ ਚੰਗੀ ਤਰ੍ਹਾਂ ਚੋਪੜੀ ਜਾਂਦੀ ਹੈ। ਰੋਟੀ ਖਾਣ ਤੋਂ ਮਗਰੋਂ ਮਿੱਠੇ ਦੇ ਵਿੱਚ ਗੁੜ ਖਾਧਾ ਜਾਂਦਾ ਹੈ। ਕਈ ਵਾਰੀ ਸਾਉਣ ਭਾਦੋਂ ਦੀਆਂ ਬਰਸਾਤਾਂ ਤੋਂ ਖੁਸ਼ ਹੋ ਕੇ ਘਰ ਦੀ ਸੁਆਣੀ ਪੂੜੇ, ਗੁਲਗਲੇ ਜਾਂ ਖੀਰ ਬਣਾ ਲੈਂਦੀ ਹੈ।             

ਲੌਢੇ ਵੇਲੇ ਦਾ ਖਾਣਾ:-

ਇਸ ਵਿੱਚ ਘਰਾਂ ਤੋ ਬਾਹਰ ਕੱਚੇ ਛੋਲਿਆਂ ਦੀਆਂ ਭੁੰਨੀਆ ਹੋਲਾਂ, ਗੰਨੇ ਦਾ ਰਸ ਅਤੇ ਕੜਾਹੇ ਦੇ ਗੁੜ ਨਾਲ ਸਾਰ ਲਿਆ ਜਾਂਦਾ ਹੈ।  ਘਰ ਵਿੱਚ ਉੱਬਲੀ ਕਣਕ ਦੀਆਂ ਸੱਕਰ ਵਾਲੀਆਂ ਘੁੰਗਣੀਆਂ ਅਤੇ ਖੰਡ ਗੁੜ ਘਿਉ ਵਾਲੇ ਸਤੂਆ ਨਾਲ ਵੀ ਲੌਢਾ ਵੇਲਾ ਕੀਤਾ ਜਾਂਦਾ ਹੈ। 

ਰਾਤ ਦਾ ਖਾਣਾ (ਤਕਾਲਾਂ ਵੇਲਾ)

ਰਾਤ ਦੇ ਖਾਣੇ ਵਿੱਚ ਦਾਲ, ਚੌਲ, ਕੜੀ, ਕਾਲੇ ਛੋਲਿਆਂ ਦੀ ਸਬਜੀ ਦੀ ਖੁਰਾਕ ਪਸੰਦ ਕੀਤੀ ਜਾਂਦੀ ਹੈ।  ਰੋਜ਼ਾਨਾ ਹੋਣ ਵਾਲੀਆਂ ਸਬਜ਼ੀਆਂ ਜਿਵੇਂ ਟੀਂਡੇ, ਘੀਆ, ਗੋਭੀ, ਸ਼ਲਗਮ, ਗਾਜਰਾਂ ਆਦਿ ਵੀ ਪੰਜਾਬੀ ਖੁਰਾਕ ਵਿੱਚ ਸਾਮਲ ਹੁੰਦੀਆਂ ਹਨ।

ਪੰਜਾਬੀ ਲੋਕਾਂ ਦੇ ਮਨੋਰੰਜਕ ਸਾਧਨ

ਖੇਡਾਂ-

ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਪ੍ਰਚਲਿਤ ਹਨ ਜੋ ਮਨੋਰੰਜਨ ਦੇ ਨਾਲ ਨਾਲ ਸਰੀਰਕ ਤਾਕਤ ਦਾ ਵੀ ਪ੍ਰਦਰਸ਼ਨ ਕਰਦੀਆਂ ਹਨ ਜਿਨ੍ਹਾਂ ਵਿੱਚੋਂ ਕੁਸ਼ਤੀ, ਕਬੱਡੀ, ਰੱਸਾ-ਕਸੀ, ਮੁਗਦਰ ਚੁੱਕਣਾ, ਮੂੰਗਲੀਆਂ ਫੇਰਨੀਆਂ, ਬੋਰੀ ਚੱਕਣੀ, ਵੀਹਣੀ ਫੜਨੀ, ਗੱਤਕਾ ਖੇਡਣਾ ਆਦਿ ਖੇਡਾਂ ਪੰਜਾਬੀਆਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਕਰਦੀਆਂ ਹਨ। ਚੌਪੜ, ਸ਼ਤਰੰਜ, ਬਾਰਾ ਟਾਹਣੀ, ਆਦਿ ਖੇਡਾਂ ਬੁੱਧੀ ਦਾ ਪ੍ਰਗਟਾਵਾ ਕਰਦੀਆਂ ਹਨ। ਇਹ ਖੇਡਾਂ ਅਕਸਰ ਪੰਜਾਬ ਦੀਆਂ ਸੱਥਾਂ ਵਿੱਚ ਵਡੇਰੀ ਉਮਰ ਦੇ ਬਜ਼ੁਰਗਾਂ ਵੱਲੋਂ ਖੇਡੀਆਂ ਜਾਂਦੀਆਂ ਹਨ। ਖਿੱਦੋ ਖੂੰਡੀ, ਛੂੰਹਣ ਛਪਾਹੀ, ਗੁੱਲੀ ਡੰਡਾ, ਕਬੱਡੀ, ਪਿੱਠੂ, ਰੰਗ ਮੱਲਣ, ਭੰਡਾ ਭੰਡਾਰੀਆ, ਸਟਾਪੂ, ਸਮੁੰਦਰ ਮੱਛੀ, ਬੰਟੇ, ਅਖਰੋਟ ਆਦਿ ਪਿੰਡਾਂ ਦੇ ਲੋਕਾਂ ਅਤੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਹਨ।

ਤਮਾਸ਼ੇ-

ਤਮਾਸ਼ੇ ਪੰਜਾਬੀ ਜੀਵਨ ਜਾਂਚ ਦਾ ਇੱਕ ਅਨਿੱਖੜਵਾਂ ਅੰਗ ਹਨ ਜੋ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਦਾ ਵੀ ਸਾਧਨ ਹਨ। ਜਿਨ੍ਹਾਂ ਵਿਚ ਮਦਾਰੀ, ਬਾਜ਼ੀਗਰ, ਨਾਟ, ਸਪੇਰੇ, ਆਦਿ ਸ਼ਾਮਲ ਹਨ। ਇਹਨਾਂ ਵਿੱਚ ਵੱਖ ਵੱਖ ਤਮਾਸ਼ੇ, ਸਰੀਰਕ ਕੁਸ਼ਲਤਾ, ਸੂਲੀ ਦੀ ਛਾਲ, ਮਦਾਰੀ ਦਾ ਬਾਂਦਰ ਬਾਂਦਰੀ ਦਾ ਤਮਾਸ਼ਾ, ਬੀਨ ‘ਤੇ ਸੱਪ ਦੀ ਖੇਡ ਆਦਿ ਦਿਖਾਏ ਜਾਂਦੇ ਹਨ। ਇਸ ਦੇ ਨਾਲ ਹੀ ਭੰਡਾਂ ਦੇ ਤਮਾਸ਼ੇ ਵੀ ਖਿੱਚ ਦੀ ਕੇਂਦਰ ਹੁੰਦੇ ਹਨ।

ਲੋਕ ਮੇਲੇ- 

ਜਿੱਥੇ ਪੰਜਾਬੀਆਂ ਦੇ ਲੋਕ ਨਾਚ, ਨਾਟ ਅਤੇ ਖੇਡਾਂ ਤਮਾਸ਼ੇ ਮੰਨੋਰੰਜਨ ਕਰਦੇ ਹਨ, ਉੱਥੇ ਪੰਜਾਬੀਆਂ ਦੇ ਮੇਲੇ ਅਤੇ ਤਿਉਹਾਰ ਵੀ ਉਹਨਾਂ ਦੇ ਮਨ ਨੂੰ ਮੋਹ ਲੈਂਦੇ ਹਨ। ਮੇਲੇ ਪੰਜਾਬੀ ਸਭਿਆਚਾਰ ਦੀ ਜਿਊਂਦੀ ਜਾਗਦੀ ਤਸਵੀਰ ਹਨ। ਜਿੰਨੇ ਪੰਜਾਬ ਦੇ ਲੋਕ ਰੰਗ ਬਰੰਗੇ ਸੁਭਾਅ ਦੇ ਮਾਲਕ ਹਨ, ਉਨੇ ਹੀ ਰੰਗਾਂ ਦੇ ਉਹਨਾਂ ਦੇ ਮੇਲੇ ਹਨ। ਮੇਲੇ ਵਿਚ ਜਾ ਕੇ ਝੂਲਿਆਂ ਵਿੱਚ ਝੂਟੇ ਲੈਣੇ, ਮਠਿਆਈਆਂ ਖਾਣੀਆਂ, ਨੱਚਣ ਟੱਪਣ ਅਤੇ ਸੰਗੀਤ ਸੁਣਨ ਦਾ ਸ਼ੌਕ ਪੰਜਾਬੀਆਂ ਨੂੰ ਸੁਰੂ ਤੋਂ ਹੀ ਹੈ। ਪੰਜਾਬ ਦੇ ਪੇਂਡੂ ਮੇਲਿਆਂ ਵਿੱਚੋਂ ਛਪਾਰ  ਜਰਗ, ਜਗਰਾਵਾਂ ਦੀ ਰੌਸ਼ਨੀ, ਮੁਕਤਸਰ ਦੇ ਤਖਤ ਪੁਰੇ ਦੀ ਮਾਘੀ, ਦਮਦਮਾ ਸਾਹਿਬ ਦੀ ਵਿਸਾਖੀ, ਪਟਿਆਲੇ ਅਤੇ ਅੰਮ੍ਰਿਤਸਰ ਦੀ ਬਸੰਤ ਪੰਚਮੀ, ਜੋੜ ਮੇਲਾ ਫਤਹਿਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਹਰਿਮੰਦਰ ਸਾਹਿਬ ਦੀ ਦੀਵਾਲੀ ਆਦਿ ਪੰਜਾਬ ਦੇ ਵੱਡੇ ਅਤੇ ਮਸ਼ਹੂਰ ਮੇਲੇ ਅਤੇ ਤਿਉਹਾਰ ਹਨ।

ਸਥਾਨੀਕਰਨ ਅਤੇ ਸਥਾਨਕ ਪੰਜਾਬੀ ਲੋਕ

ਇਨ੍ਹਾਂ ਸਾਰੇ ਤੱਥਾਂ ਅਤੇ ਚੀਜ਼ਾਂ ਨੂੰ ਸਮਝਣ ਤੋਂ ਬਾਅਦ, ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਤੁਸੀਂ ਮਾਰਕੀਟ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਥਾਨੀਕਰਨ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇਸ ਦੇ ਨਾਲ ਜ਼ਰੂਰੀ ਹੈ ਖਿੱਤੇ ਦੀ ਰਹਿਤਲ ਨੂੰ ਸਮਝਣਾ, ਜਿਸ ਕਰਕੇ ਸਥਾਨੀਕਰਨ ਸਰਲ ਅਤੇ ਸਫਲ ਹੋਵੇਗਾ ਕਿਉਂਕਿ ਇਸ ਨਾਲ ਉਤਪਾਦ ਵਿਕਰੇਤਾ ਸਥਾਨਕ ਲੋਕਾਂ ਦੀ ਮਾਨਸਿਕ ਦਸ਼ਾ ਨੂੰ ਸਮਝ ਸਕਦੇ ਹਨ। ਜੇਕਰ ਲੋਕਾਂ ਦੀ ਰੁਚੀ ਨੂੰ ਸਮਝ ਕਿ ਭਾਸ਼ਾ ਦਾ ਸਥਾਨੀਕਰਨ ਕੀਤਾ ਜਾਵੇਗਾ ਤਾਂ ਉਹ ਬਹੁਤ ਉਪਯੋਗੀ ਸਿੱਧ ਹੋਵੇਗਾ।

Leave a Reply

Your email address will not be published. Required fields are marked *